India-Pakistan War: ਵਪਾਰਕ ਡੀਲ ਰਾਹੀਂ ਰੁਕਵਾਈ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ....ਟਰੰਪ ਦਾ ਵੱਡਾ ਦਾਅਵਾ
ਟਰੰਪ ਨੇ ਸਾਊਦੀ-ਅਮਰੀਕਾ ਨਿਵੇਸ਼ ਫੋਰਮ ਵਿੱਚ ਕਿਹਾ, 'ਮੈਂ ਭਾਰਤ ਤੇ ਪਾਕਿਸਤਾਨ ਨੂੰ ਕਿਹਾ ਕਿ ਆਓ ਦੋਸਤੋ ਇੱਕ ਡੀਲ ਕਰਦੇ ਹਾਂ। ਆਓ ਕੁਝ ਕਾਰੋਬਾਰ ਕਰਦੇ ਹਾਂ। ਪ੍ਰਮਾਣੂ ਮਿਜ਼ਾਈਲਾਂ ਦਾ ਵਪਾਰ ਨਾ ਕਰੀਏ, ਸਗੋਂ ਆਓ ਉਨ੍ਹਾਂ ਚੀਜ਼ਾਂ ਦਾ ਕਾਰੋਬਾਰ..

India-Pakistan War: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਰੋਕਣ ਬਾਰੇ ਤਰ੍ਹਾਂ-ਤਰ੍ਹਾਂ ਦੇ ਦਾਅਵੇ ਕਰ ਰਹੇ ਹਨ। ਉਨ੍ਹਾਂ ਨੇ ਇੱਕ ਵਾਰ ਫਿਰ ਜੰਗਬੰਦੀ ਦਾ ਸਿਹਰਾ ਆਪਣੇ ਸਿਰ ਬੰਨ੍ਹਦਿਆਂ ਵੱਡਾ ਦਾਅਵਾ ਕੀਤਾ ਹੈ। ਮੰਗਲਵਾਰ ਨੂੰ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਟਰੰਪ ਨੇ ਮੁੜ ਦਾਅਵਾ ਕੀਤਾ ਕਿ ਮੈਂ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਦੀ ਵਿਚੋਲਗੀ ਲਈ ਕਾਰੋਬਾਰ ਦੀ ਬਹੁਤ ਹੱਦ ਤੱਕ ਵਰਤੋਂ ਕੀਤੀ। ਟਰੰਪ ਨੇ ਸਾਊਦੀ-ਅਮਰੀਕਾ ਨਿਵੇਸ਼ ਫੋਰਮ ਵਿੱਚ ਕਿਹਾ, 'ਮੈਂ ਭਾਰਤ ਤੇ ਪਾਕਿਸਤਾਨ ਨੂੰ ਕਿਹਾ ਕਿ ਆਓ ਦੋਸਤੋ ਇੱਕ ਡੀਲ ਕਰਦੇ ਹਾਂ। ਆਓ ਕੁਝ ਕਾਰੋਬਾਰ ਕਰਦੇ ਹਾਂ। ਪ੍ਰਮਾਣੂ ਮਿਜ਼ਾਈਲਾਂ ਦਾ ਵਪਾਰ ਨਾ ਕਰੀਏ, ਸਗੋਂ ਆਓ ਉਨ੍ਹਾਂ ਚੀਜ਼ਾਂ ਦਾ ਕਾਰੋਬਾਰ ਕਰੀਏ ਜੋ ਤੁਸੀਂ ਇੰਨੀ ਸੁੰਦਰਤਾ ਨਾਲ ਤਿਆਰ ਕਰਦੇ ਹੋ।''
ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਅਮਰੀਕੀ ਰਾਸ਼ਟਰਪਤੀ ਨੇ ਭਾਰਤ-ਪਾਕਿਸਤਾਨ ਜੰਗਬੰਦੀ ਦਾ ਸਿਹਰਾ ਆਪਣੇ ਆਪ ਨੂੰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਮੈਂ ਦੋਵਾਂ ਦੇਸ਼ਾਂ ਨੂੰ ਸਮਝਾਇਆ ਸੀ ਕਿ ਜੇਕਰ ਲੜਾਈ ਨਹੀਂ ਰੁਕੀ ਤਾਂ ਅਸੀਂ ਵਪਾਰ ਨਹੀਂ ਕਰਾਂਗੇ। ਭਾਰਤ ਸਰਕਾਰ ਨੇ ਟਰੰਪ ਦੇ ਇਸ ਦਾਅਵੇ ਨੂੰ ਰੱਦ ਕੀਤਾ ਸੀ ਪਰ ਵਿਰੋਧੀ ਧਿਰਾਂ ਨੇ ਸਵਾਲ ਉਠਾਏ ਸੀ ਕਿ ਕਿਹੜੀਆਂ ਸ਼ਰਤਾਂ ਤਹਿਤ ਜੰਗਬੰਦੀ ਕੀਤੀ ਗਈ ਹੈ, ਉਹ ਜਨਤਾ ਦੇ ਸਾਹਮਣੇ ਹੋਣੀਆਂ ਚਾਹੀਦੀਆਂ ਹਨ।
ਟਰੰਪ ਨੇ ਰਿਆਧ ਵਿੱਚ ਕਿਹਾ ਕਿ ਮੇਰਾ ਸਭ ਤੋਂ ਵੱਡਾ ਸੁਪਨਾ ਸ਼ਾਂਤੀ ਸਥਾਪਤ ਕਰਨਾ ਹੈ। ਮੈਂ ਏਕਤਾ ਚਾਹੁੰਦਾ ਹਾਂ, ਵੰਡ ਨਹੀਂ। ਮੈਨੂੰ ਜੰਗ ਪਸੰਦ ਨਹੀਂ। ਡੋਨਾਲਡ ਟਰੰਪ ਰਾਸ਼ਟਰਪਤੀ ਬਣਨ ਤੋਂ ਬਾਅਦ ਆਪਣੇ ਪਹਿਲੇ ਅਧਿਕਾਰਤ ਵਿਦੇਸ਼ੀ ਦੌਰੇ 'ਤੇ ਮੰਗਲਵਾਰ ਨੂੰ ਸਾਊਦੀ ਅਰਬ ਪਹੁੰਚੇ ਹਨ। ਟਰੰਪ ਚਾਰ ਦਿਨਾਂ ਦੇ ਮੱਧ ਪੂਰਬ ਦੌਰੇ 'ਤੇ ਹਨ। ਅੱਜ ਉਹ ਰਿਆਧ ਵਿੱਚ ਖਾੜੀ ਸੰਮੇਲਨ ਵਿੱਚ ਹਿੱਸਾ ਲੈਣਗੇ ਤੇ ਫਿਰ ਕਤਰ ਲਈ ਰਵਾਨਾ ਹੋਣਗੇ। ਉਹ ਦੌਰੇ ਦੇ ਆਖਰੀ ਦਿਨ ਯੂਏਈ ਪਹੁੰਚਣਗੇ।
ਇਸ ਦੌਰਾਨ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਬਾਰੇ ਟਰੰਪ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਮੇਰੀ ਸਰਕਾਰ ਨੇ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਵਿੱਚ ਵਿਚੋਲਗੀ ਕੀਤੀ ਸੀ। ਮੈਂ ਇਸ ਲਈ ਵਪਾਰ ਦੀ ਵਰਤੋਂ ਕੀਤੀ। ਟਰੰਪ ਨੇ ਫੋਰਮ ਦੇ ਮੰਚ ਤੋਂ ਐਲਾਨ ਕੀਤਾ ਕਿ ਉਹ ਸੀਰੀਆ 'ਤੇ ਲਗਾਈਆਂ ਗਈਆਂ ਪਾਬੰਦੀਆਂ ਹਟਾ ਰਹੇ ਹਨ ਤਾਂ ਜੋ ਦੇਸ਼ ਨੂੰ ਆਰਥਿਕ ਜੀਵਨ ਰੇਖਾ ਮਿਲ ਸਕੇ।
ਟਰੰਪ ਨੇ ਕਿਹਾ ਕਿ ਉਹ ਈਰਾਨ ਨਾਲ ਇੱਕ ਸਮਝੌਤਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਜਾਂਦਾ ਹੈ, ਤਾਂ ਉਹ ਈਰਾਨ ਦੇ ਤੇਲ ਨਿਰਯਾਤ ਨੂੰ ਜ਼ੀਰੋ ਤੱਕ ਘਟਾ ਦੇਣਗੇ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਾਊਦੀ ਅਰਬ ਵੀ ਅਬਰਾਹਿਮ ਸਮਝੌਤੇ ਵਿੱਚ ਸ਼ਾਮਲ ਹੋਵੇਗਾ। ਇਹ ਸਮਝੌਤਾ 2020 ਵਿੱਚ ਇਜ਼ਰਾਈਲ, ਯੂਏਈ, ਬਹਿਰੀਨ, ਸੁਡਾਨ ਤੇ ਮੋਰੱਕੋ ਵਿਚਕਾਰ ਅਮਰੀਕਾ ਦੀ ਵਿਚੋਲਗੀ ਨਾਲ ਹੋਇਆ ਸੀ।
ਇਜ਼ਰਾਈਲ-ਗਾਜ਼ਾ ਯੁੱਧ ਬਾਰੇ ਟਰੰਪ ਨੇ ਕਿਹਾ ਕਿ ਗਾਜ਼ਾ ਦੇ ਲੋਕ ਇੱਕ ਬਿਹਤਰ ਭਵਿੱਖ ਦੇ ਹੱਕਦਾਰ ਹਨ ਪਰ ਇਹ ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਉਨ੍ਹਾਂ ਦੇ ਨੇਤਾ ਨਿਰਦੋਸ਼ ਲੋਕਾਂ 'ਤੇ ਜ਼ੁਲਮ ਕਰਨਾ ਬੰਦ ਨਹੀਂ ਕਰਦੇ। ਟਰੰਪ ਨੇ ਕਿਹਾ ਕਿ ਅਮਰੀਕਾ ਯਮਨ ਦੇ ਹੂਤੀ ਬਾਗੀਆਂ ਵਿਰੁੱਧ ਫੌਜੀ ਕਾਰਵਾਈਆਂ ਬੰਦ ਕਰ ਦੇਵੇਗਾ। ਅਮਰੀਕੀ ਫੌਜ ਨੇ ਮਾਰਚ ਵਿੱਚ ਹੂਤੀ ਲੜਾਕਿਆਂ ਵਿਰੁੱਧ 1100 ਤੋਂ ਵੱਧ ਹਮਲੇ ਕੀਤੇ। ਯੂਕਰੇਨ ਯੁੱਧ ਬਾਰੇ ਟਰੰਪ ਨੇ ਕਿਹਾ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੀਰਵਾਰ ਨੂੰ ਇਸਤਾਂਬੁਲ ਪਹੁੰਚਣਗੇ ਤਾਂ ਜੋ ਇਸ ਯੁੱਧ ਨੂੰ ਖਤਮ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਜਾ ਸਕੇ। ਪੁਤਿਨ ਤੇ ਜ਼ੇਲੇਂਸਕੀ ਇੱਥੇ ਮਿਲ ਸਕਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
