ਟ੍ਰੈਂਡਿੰਗ
ਕੌਣ ਬੋਲ ਰਿਹਾ ਝੂਠ, ਫੌਜ ਜਾਂ SGPC ? ਸ੍ਰੀ ਹਰਿਮੰਦਰ ਸਾਹਿਬ 'ਚ ਏਅਰ ਡਿਫੈਂਸ ਗੰਨ ਲਾਉਣ ਦੇ ਦਾਅਵੇ 'ਤੇ ਛਿੜਿਆ ਵਿਵਾਦ, ਜਾਣੋ ਕੀ ਹੈ ਸੱਚਾਈ
SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਕਿ ਅਜਿਹੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਸੀ ਤੇ ਨਾ ਹੀ ਕੋਈ ਫੌਜੀ ਅਧਿਕਾਰੀ ਸੰਪਰਕ ਵਿੱਚ ਆਇਆ ਸੀ। ਉਨ੍ਹਾਂ ਨੇ ਇਸ ਝੂਠੇ ਬਿਆਨ 'ਤੇ ਕੇਂਦਰ ਸਰਕਾਰ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ।
Amritsar News: ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਤੋਂ ਬਾਅਦ ਇੰਡੀਅਨ ਏਅਰ ਡਿਫੈਂਸ ਦੇ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਡੀ'ਕੁੰਹਾ ਨੇ ਖੁਲਾਸਾ ਕੀਤਾ ਕਿ ਇਸ ਆਪ੍ਰੇਸ਼ਨ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਭਾਰਤੀ ਫੌਜ ਨੂੰ ਪਵਿੱਤਰ ਸਥਾਨ ਦੇ ਅੰਦਰ ਹਵਾਈ ਰੱਖਿਆ ਤੋਪਾਂ ਤਾਇਨਾਤ ਕਰਨ ਦੀ ਇਜਾਜ਼ਤ ਦਿੱਤੀ ਸੀ ਤੇ ਉਨ੍ਹਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਸੀ।ਪਰ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਅਤੇ ਸਹਾਇਕ ਹੈੱਡ ਗ੍ਰੰਥੀ ਅਮਰਜੀਤ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਰੱਦ ਕਰ ਦਿੱਤਾ ਹੈ।
ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਉਹ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਵਿਦੇਸ਼ ਦੌਰੇ 'ਤੇ ਗਏ ਸਨ ਤੇ ਲੜਾਈ ਖਤਮ ਹੋਣ ਤੋਂ ਬਾਅਦ ਵਾਪਸ ਆ ਗਏ। ਇਸ ਲਈ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋਇਆ। ਭਾਰਤੀ ਫੌਜ ਅਜਿਹੇ ਦਾਅਵੇ ਕਰ ਰਹੀ ਹੈ, ਇਸਦੀ ਜਾਂਚ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਡਰੋਨ ਨਾਲ ਸ੍ਰੀ ਹਰਿਮੰਦਰ ਸਾਹਿਬ ਅਤੇ ਅੰਮ੍ਰਿਤਸਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਸੀ। ਸ਼੍ਰੋਮਣੀ ਕਮੇਟੀ ਤੇ ਸਿੱਖ ਸੰਗਤ ਨੇ ਇਸਦਾ ਵਿਰੋਧ ਕੀਤਾ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਇਸ ਦਾਅਵੇ ਦੀ ਜਾਂਚ ਕਰਨ ਦੀ ਵੀ ਮੰਗ ਕੀਤੀ ਹੈ।
ਇਸ ਦੇ ਨਾਲ ਹੀ, ਐਸਜੀਪੀਸੀ ਅਤੇ ਵਧੀਕ ਹੈੱਡ ਗ੍ਰੰਥੀ ਅਮਰਜੀਤ ਸਿੰਘ ਨੇ ਇਸ ਬਿਆਨ ਨੂੰ "ਹੈਰਾਨ ਕਰਨ ਵਾਲਾ ਅਤੇ ਝੂਠਾ" ਦੱਸਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਬਲੈਕਆਊਟ ਦੇ ਨਿਰਦੇਸ਼ਾਂ ਅਨੁਸਾਰ ਸਿਰਫ਼ ਬਾਹਰਲੀਆਂ ਲਾਈਟਾਂ ਬੰਦ ਕੀਤੀਆਂ ਗਈਆਂ ਸਨ, ਪਰ ਜਿੱਥੇ ਮਰਿਆਦਾ ਦਾ ਅਭਿਆਸ ਕੀਤਾ ਜਾ ਰਿਹਾ ਸੀ, ਉੱਥੇ ਲਾਈਟਾਂ ਜਗਦੀਆਂ ਰਹੀਆਂ। ਕੋਈ ਹਵਾਈ ਰੱਖਿਆ ਤੋਪਾਂ ਤਾਇਨਾਤ ਨਹੀਂ ਕੀਤੀਆਂ ਗਈਆਂ ਸਨ ਜਾਂ ਇਜਾਜ਼ਤ ਨਹੀਂ ਦਿੱਤੀ ਗਈ ਸੀ।
SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਕਿ ਅਜਿਹੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਸੀ ਤੇ ਨਾ ਹੀ ਕੋਈ ਫੌਜੀ ਅਧਿਕਾਰੀ ਸੰਪਰਕ ਵਿੱਚ ਆਇਆ ਸੀ। ਉਨ੍ਹਾਂ ਨੇ ਇਸ ਝੂਠੇ ਬਿਆਨ 'ਤੇ ਕੇਂਦਰ ਸਰਕਾਰ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ।