Punjab News: ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ  ਨੂੰ ਮਰਨ ਵਰਤ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਪਾ ਕੇ ਗੱਲਬਾਤ ਦਾ ਦੌਰ ਜਾਰੀ ਰੱਖਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਕਿਹਾ ਕਿ  ਸਰਕਾਰ ਕਿਸਾਨਾਂ ਨੂੰ ਲੈਕੇ ਗੰਭੀਰ ਹੈ, ਉਨ੍ਹਾਂ ਨੇ ਇਹ ਅਪੀਲ ਉਸ ਵੇਲੇ ਕੀਤੀ, ਜਦੋਂ ਡੱਲੇਵਾਲ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।







ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਨੁਮਾਇੰਦਿਆਂ ਅਤੇ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਵਿਚਾਲੇ ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਗੱਲਬਾਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਿਸਾਨ ਆਗੂ ਹਸਪਤਾਲ ਤੋਂ ਵਾਪਸ ਆ ਚੁੱਕੇ ਹਨ, ਅਸੀਂ ਉਨ੍ਹਾਂ ਦੇ ਛੇਤੀ ਠੀਕ ਹੋਣ ਦੀ ਅਰਦਾਸ ਕਰਦੇ ਹਾਂ। ਇਸ ਦੇ ਨਾਲ ਹੀ ਅਸੀਂ ਉਨ੍ਹਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣਾ ਮਰਨ ਵਰਤ ਸਮਾਪਤ ਕਰਨ ਅਤੇ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਪਹਿਲਾਂ ਤੈਅ ਕੀਤੀ ਤਰੀਕ 4 ਮਈ ਨੂੰ ਬੈਠਕ ਕਰਨ ਲਈ ਸਵੇਰੇ 11 ਵਜੇ ਮਿਲਣ।



ਕੇਂਦਰ ਸਰਕਾਰ ਦੇ ਇਸ ਬਿਆਨ ਤੋਂ ਲੱਗ ਰਿਹਾ ਹੈ ਕਿ ਸਰਕਾਰ ਡੱਲੇਵਾਲ ਨੂੰ ਸਨਮਾਨ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਇਹ ਜਤਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਕਿਸਾਨਾਂ ਦੇ ਹਿੱਤ ਦਾ ਧਿਆਨ ਰੱਖ ਰਹੀ ਹੈ ਅਤੇ ਉਹ ਅੰਦੋਲਨਕਾਰੀਆਂ ਦੀ ਸਿਹਤ ਅਤੇ ਸਨਮਾਨ ਦੋਹਾਂ ਨੂੰ ਲੈਕੇ ਸੰਵੇਦਨਸ਼ੀਲ ਹੈ। ਪਰ ਦੂਜੇ ਪਾਸੇ ਇਹ ਵੀ ਲੱਗ ਰਿਹਾ ਹੈ ਇਹ ਕਿਤੇ ਕੋਈ ਸਰਕਾਰ ਦੀ ਚਾਲ ਨਾ ਹੋਵੇ, ਕਿਉਂਕਿ ਪਿਛਲੀ ਵਾਰ ਜਦੋਂ ਕਿਸਾਨ ਆਗੂ ਮੀਟਿੰਗ ਕਰਨ ਲਈ ਆਏ ਸਨ ਤਾਂ ਉਨ੍ਹਾਂ ਨੂੰ ਮੀਟਿੰਗ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਉਸੇ ਰਾਤ ਨੂੰ ਹੀ ਦੋਵੇਂ ਸਰਹੱਦਾਂ ਤੋਂ ਧਰਨਾ ਵੀ ਚੁੱਕਵਾ ਦਿੱਤਾ ਗਿਆ ਸੀ, ਹੁਣ ਦੇਖਣਾ ਹੋਵੇਗਾ ਕਿ ਡੱਲੇਵਾਲ ਇਸ ਬੇਨਤੀ ਦਾ ਕੀ ਜਵਾਬ ਦਿੰਦੇ ਹਨ, ਬੇਨਤੀ ਸਵੀਕਾਰ ਕਰਦੇ ਹਨ ਜਾਂ ਕੋਈ ਹੋਰ ਐਲਾਨ ਕਰਦੇ ਹਨ।