ਟ੍ਰੈਂਡਿੰਗ
ਸ਼ਰਾਬ ਕਾਂਡ 'ਚ ਮਾਨ ਸਰਕਾਰ ਵੱਲੋਂ ਪੀੜਤਾਂ ਲਈ ਮੁਆਵਜ਼ਾ ਤੇ ਨੌਕਰੀ ਦਾ ਐਲਾਨ, ਕਿਹਾ- ਦੋਸ਼ੀਆਂ ਦੇ ਦਿੱਲੀ ਤੱਕ ਜੁੜੇ ਤਾਰ, ਪੁਲਿਸ ਤੇ ਅਫ਼ਸਰਸ਼ਾਹੀ 'ਤੇ ਵੀ ਸ਼ੱਕ
ਇਸ ਘਟਨਾ ਦੇ 10 ਦੋਸ਼ੀਆਂ ਨੂੰ ਹੁਣ ਤੱਕ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਦੇ ਤਾਰ ਦਿੱਲੀ ਤੱਕ ਜੁੜੇ ਹੋਏ ਹਨ ਅਤੇ ਉੱਥੇ ਵੀ ਸਾਡੀ ਟੀਮ ਗਈ ਹੋਈ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਕੰਮ ਪੁਲਿਸ, ਰਾਜਨੀਤਿਕ ਸ਼ੈਅ ਤੇ ਅਫਸਰਸ਼ਾਹੀ ਦੀ ਸ਼ੈਅ ਤੋਂ ਬਗ਼ੈਰ ਨਹੀਂ ਹੋ ਸਕਦਾ।
Punjab News: ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਜਦੋਂ ਕਿ 8 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦਾ ਅੰਮ੍ਰਿਤਸਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
4 ਬਿਮਾਰ ਲੋਕਾਂ ਦੀ ਹਾਲਤ ਇੰਨੀ ਗੰਭੀਰ ਹੈ ਕਿ ਉਹ ਬੋਲਣ ਦੀ ਸਥਿਤੀ ਵਿੱਚ ਵੀ ਨਹੀਂ ਹਨ। ਮ੍ਰਿਤਕਾਂ ਵਿੱਚ ਭੰਗਾਲੀ ਕਲਾਂ, ਮਰਾੜੀ ਕਲਾਂ, ਪਤਾਲਪੁਰੀ, ਥਰੀਏਵਾਲ, ਤਲਵੰਡੀ ਖੁੰਮਣ ਅਤੇ ਕਰਨਾਲਾ ਦੇ ਲੋਕ ਸ਼ਾਮਲ ਹਨ। ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਪੁਲਿਸ ਨੇ ਹੁਣ ਤੱਕ ਜ਼ਹਿਰੀਲੀ ਸ਼ਰਾਬ ਵੇਚਣ ਦੇ ਦੋਸ਼ ਵਿੱਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਜ਼ਹਿਰੀਲੀ ਸ਼ਰਾਬ ਕਿੱਥੋਂ ਅਤੇ ਕਿਵੇਂ ਆਈ? ਇਸ ਤੋਂ ਇਲਾਵਾ ਮਜੀਠਾ ਥਾਣੇ ਦੇ ਐਸਐਚਓ ਅਵਤਾਰ ਸਿੰਘ ਅਤੇ ਡੀਐਸਪੀ ਅਮੋਲਕ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੌਰਾਨ, ਸੀਐਮ ਮਾਨ ਵੀ ਦੁਪਹਿਰ ਨੂੰ ਮਜੀਠਾ ਪਹੁੰਚੇ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ।
ਦੱਸ ਦਈਏ ਕਿ ਮਜੀਠਾ ਹਲਕੇ ਦੇ ਪਿੰਡਾਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ 17 ਲੋਕਾਂ ਦੀ ਹੋਈ ਮੌਤ ਦੇ ਮਾਮਲੇ 'ਚ ਪੰਜਾਬ ਸਰਕਾਰ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੇ ਇਨ੍ਹਾਂ ਪਰਿਵਾਰਾਂ 'ਚੋਂ ਕੋਈ ਨੌਕਰੀ ਕਰਨ ਦੇ ਯੋਗ ਹੈ ਤਾਂ ਉਸ ਨੂੰ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਪਰਿਵਾਰ ਦਾ ਚੁੱਲ੍ਹਾ ਬੁਝਣ ਨਹੀਂ ਦਿਆਂਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਥਾਣਾ ਮਜੀਠਾ ਅਤੇ ਕੱਥੂਨੰਗਲ ਦੇ ਕਈ ਪਿੰਡਾਂ 'ਚ ਮੰਦਭਾਗੀ ਘਟਨਾ ਘਟੀ ਅਤੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਕਤਲ ਹੀ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ 10 ਦੋਸ਼ੀਆਂ ਨੂੰ ਹੁਣ ਤੱਕ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਦੇ ਤਾਰ ਦਿੱਲੀ ਤੱਕ ਜੁੜੇ ਹੋਏ ਹਨ ਅਤੇ ਉੱਥੇ ਵੀ ਸਾਡੀ ਟੀਮ ਗਈ ਹੋਈ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਕੰਮ ਪੁਲਿਸ, ਰਾਜਨੀਤਿਕ ਸ਼ੈਅ ਤੇ ਅਫਸਰਸ਼ਾਹੀ ਦੀ ਸ਼ੈਅ ਤੋਂ ਬਗ਼ੈਰ ਨਹੀਂ ਹੋ ਸਕਦਾ।